ਚੰਡੀਗੜ੍ਹ, 6 ਅਗਸਤ 2026 : ਪੰਜਾਬ ਦੇ ਬਿਜਲੀ ਮੰਤਰੀ (Power Minister) ਤਰੁਨਪ੍ਰੀਤ ਸਿੰਘ ਸੌਂਦ ਨੇ ਆਖਿਆ ਹੈ ਕਿ ਆਰ. ਡੀ. ਐਸ. ਐਸ. ਤਹਿਤ ਬਿਜਲੀ ਵੰਡ ਪ੍ਰਣਾਲੀ ਦੇ ਆਧੁਨਿਕੀਕਰਨ ਲਈ ਕਰੋੜਾਂ ਖਰਚੇ ਜਾ ਰਹੇ ਹਨ ।
ਕਿੰਨੇ ਕਰੋੜ ਜਾ ਰਹੇ ਹਨ ਖਰਚੇ
ਮਿਲੀ ਜਾਣਕਾਰੀ ਅਨੁਸਾਰ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Saund) ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ. ਡੀ. ਐੱਸ. ਐੱਸ.) ਤਹਿਤ ਲਗਭਗ 5,000 ਕਰੋੜ ਦੇ ਕੰਮ ਸ਼ੁਰੂ ਕਰਕੇ ਸੂਬੇ ਦੇ ਬਿਜਲੀ ਵੰਡ ਢਾਂਚੇ ਨੂੰ ਆਧੁਨਿਕ ਅਤੇ ਮਜ਼ਬੂਤ ਕਰਨ ਲਈ ਇਕ ਵਿਆਪਕ ਮੁਹਿੰਮ ਵਿੱਢੀ ਹੈ ।
ਇਸ ਸਕੀਮ ਤਹਿਤ ਇਹ ਰਾਸ਼ੀ ਬਿਜਲੀ ਵੰਡ ਨੈੱਟਵਰਕ ਨੂੰ ਅਪਗ੍ਰੇਡ ਕਰਨ ਲਈ ਸੁਚੱਜੇ ਢੰਗ ਨਾਲ ਵਰਤੀ ਜਾ ਰਹੀ ਹੈ, ਜਿਸ ਨਾਲ ਪੂਰੇ ਸੂਬੇ ਵਿੱਚ ਖਪਤਕਾਰਾਂ ਨੂੰ ਭਰੋਸੇਯੋਗ, ਮਿਆਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮਈ ਮਹੀਨੇ ਤੋਂ ਕਿਸਾਨਾਂ ਨੂੰ ਵੀ 8 ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ ।
ਕਿੰਨੇ ਨਵੇਂ 11 ਕੇ. ਵੀ ਫੀਡਰ ਲਗਾਏ ਗਏ ਹਨ
ਬਿਜਲੀ ਵੰਡ ਨੈੱਟਵਰਕ ਸਬੰਧੀ ਪ੍ਰਮੁੱਖ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਨੈੱਟਵਰਕ ਦੀ ਭਰੋਸੇਯੋਗਤਾ ਵਿੱਚ ਸੁਧਾਰ ਅਤੇ ਮੌਜੂਦਾ ਸਿਸਟਮ ‘ਤੇ ਓਵਰਲੋਡਿੰਗ ਨੂੰ ਘਟਾਉਣ ਲਈ 1,296 ਨਵੇਂ 11 ਕੇ. ਵੀ. ਫੀਡਰ ਲਗਾਏ ਗਏ ਹਨ । ਇਸ ਤੋਂ ਇਲਾਵਾ ਬਿਜਲੀ ਵੰਡ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ 1,12,195 ਨਵੇਂ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ ਲਗਾਏ ਗਏ ਹਨ ।
ਬਿਜਲੀ ਮੰਤਰੀ ਨੇ ਅੱਗੇ ਦੱਸਿਆ ਕਿ 663 ਸਰਕਟ ਕਿਲੋਮੀਟਰ 66 ਕੇ. ਵੀ. ਲਾਈਨਾਂ ਦੇ ਵਾਧੇ ਅਤੇ ਅਪਗ੍ਰੇਡੇਸ਼ਨ ਤੋਂ ਇਲਾਵਾ ਨਵੀਆਂ 355 ਸਰਕਟ ਕਿਲੋਮੀਟਰ 66 ਕੇਵੀ ਟ੍ਰਾਂਸਮਿਸ਼ਨ ਲਾਈਨਾਂ ਦੇ ਨਾਲ ਟ੍ਰਾਂਸਮਿਸ਼ਨ ਨੈੱਟਵਰਕ ਨੂੰ ਵੀ ਕਾਫ਼ੀ ਮਜ਼ਬੂਤ ਕੀਤਾ ਗਿਆ ਹੈ, ਜਿਸ ਨਾਲ ਸਿਸਟਮ ਦੀ ਸਮਰੱਥਾ ਅਤੇ ਸੰਚਾਲਨ ਕੁਸ਼ਲਤਾ ਵਿੱਚ ਵਾਧਾ ਹੋਇਆ ਹੈ ।
ਕੀ ਵੇਰਵੇ ਦਿੱਤੇ ਗਏ ਬਠਿੰਡਾ ਖੇਤਰ ਵਿਚ ਚੱਲ ਰਹੇ ਟ੍ਰਾਂਸਮਿਸ਼ਨ ਅਪਗ੍ਰੇਡੇਸ਼ਨ ਦੇ ਕੰਮਾਂ ਦੇ
ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਲਿਆਂਦੇ ਗਏ ਧਿਆਨ ਦਿਵਾਊ ਮਤੇ ‘ਤੇ ਬਠਿੰਡਾ ਖੇਤਰ ਵਿੱਚ ਚੱਲ ਰਹੇ ਟ੍ਰਾਂਸਮਿਸ਼ਨ ਅਪਗ੍ਰੇਡੇਸ਼ਨ ਦੇ ਕੰਮਾਂ ਦਾ ਵੇਰਵੇ ਦਿੰਦਿਆਂ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਫੂਲ ਅਤੇ ਭਾਈ ਰੂਪਾ ਦੇ 66 ਕੇ. ਵੀ. ਸਬ-ਸਟੇਸ਼ਨਾਂ ਨੂੰ ਫਿਲਹਾਲ 220 ਕੇ. ਵੀ. ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਸਬ-ਸਟੇਸ਼ਨ ਤੋਂ ਆਉਂਦੀ 66 ਕੇ. ਵੀ. ਲਾਈਨ ਰਾਹੀਂ ਬਿਜਲੀ ਸਪਲਾਈ (Power supply) ਦਿੱਤੀ ਜਾ ਰਹੀ ਹੈ । ਮੌਜੂਦਾ ਲਾਈਨ ਤੋਂ ਬੋਝ ਘਟਾਉਣ ਅਤੇ ਬਿਜਲੀ ਦੀ ਭਰੋਸੇਯੋਗਤਾ ਵਿੱਚ ਸੁਧਾਰ ਲਈ, 220 ਕੇ. ਵੀ. ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਤੋਂ 66 ਕੇ. ਵੀ. ਸਬ-ਸਟੇਸ਼ਨ ਫੂਲ ਤੱਕ ਇੱਕ ਨਵੀਂ ਸਮਰਪਿਤ 66 ਕੇ. ਵੀ. ਟ੍ਰਾਂਸਮਿਸ਼ਨ ਲਾਈਨ ਪਾਈ ਜਾ ਰਹੀ ਹੈ ।
ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਮਈ ਤੋਂ ਰੋਜ਼ਾਨਾ 8 ਘੰਟੇ ਬਿਜਲੀ
ਉਨ੍ਹਾਂ ਦੱਸਿਆ ਕਿ ਪ੍ਰਸਤਾਵਿਤ ਲਾਈਨ ਦੀ ਕੁੱਲ ਲੰਬਾਈ 13.2 ਸਰਕਟ ਕਿਲੋਮੀਟਰ ਹੈ, ਜਿਸ ਵਿੱਚੋਂ 11.08 ਸਰਕਟ ਕਿਲੋਮੀਟਰ ਦਾ ਕੰਮ ਪੂਰਾ ਹੋ ਚੁੱਕਾ ਹੈ । ਬਾਕੀ ਬਚੇ ਕੰਮ ਵਿੱਚ ਅੱਠ ਟ੍ਰਾਂਸਮਿਸ਼ਨ ਟਾਵਰਾਂ ਨੂੰ ਬਦਲਣਾ ਅਤੇ ਨਿਰਧਾਰਤ ਸੁਰੱਖਿਆ ਮਾਪਦੰਡਾਂ ਨੂੰ ਬਣਾਏ ਰੱਖਣ ਲਈ 220 ਕੇ. ਵੀ. ਟ੍ਰਾਂਸਮਿਸ਼ਨ ਲਾਈਨਾਂ ਵਾਲੇ 4 ਕ੍ਰਾਸਿੰਗ ਢਾਚਿਆਂ ਦੀ ਉਚਾਈ ਵਧਾਉਣਾ ਸ਼ਾਮਲ ਹੈ ਅਤੇ ਇਹ ਕੰਮ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ।
ਕੈਬਨਿਟ ਮੰਤਰੀ (Cabinet Minister) ਨੇ ਅੱਗੇ ਦੱਸਿਆ ਕਿ ਅੰਤਰਿਮ ਪ੍ਰਬੰਧ ਵਜੋਂ ਪੀ. ਐੱਸ. ਪੀ. ਸੀ. ਐੱਲ. ਨੇ 66 ਕੇ. ਵੀ. ਭਾਈ ਰੂਪਾ, ਮਹਿਰਾਜ ਅਤੇ ਫੂਲ ਸਬ-ਸਟੇਸ਼ਨਾਂ ਦਰਮਿਆਨ ਅਸਥਾਈ ਤੌਰ ‘ਤੇ ਲੋਡ ਨੂੰ ਸੰਤੁਲਿਤ ਕੀਤਾ ਹੈ, ਜਿਸ ਨਾਲ ਮਈ ਮਹੀਨੇ ਤੋਂ ਹੀ ਕਿਸਾਨਾਂ ਨੂੰ ਰੋਜ਼ਾਨਾ ਅੱਠ ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਸਪਲਾਈ ਦੇਣ ਵਿੱਚ ਮਦਦ ਮਿਲੀ ਹੈ ।
Read More : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੰਭਾਲਿਆ ਬਿਜਲੀ ਮੰਤਰੀ ਵਜੋਂ ਅਹੁਦਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
