ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਦੇ ਚਰਨ ਛੋਹ ਅਸਥਾਨ ਪਿੰਡ ਧੰਗੇੜਾ ਦੇ ਗੁਰਦੁਆਰਾ ਸਾਹਿਬਾਨ ਵਿਖੇ ਕੀਰਤਨ ਸਮਾਗਮ
-ਵਿਧਾਇਕ ਦੇਵ ਮਾਨ, ਐਡਵੋਕੇਟ ਰਾਹੁਲ ਸੈਣੀ ਸਮੇਤ ਵੱਡੀ ਗਿਣਤੀ ਸੰਗਤ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ
ਨਾਭਾ, 15 ਨਵੰਬਰ 2025 : ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਅਸਥਾਨ ਪਿੰਡ ਧੰਗੇੜਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਲੰਬਾ ਸਮਾਂ ਇਲਾਹੀ ਬਾਣੀ ਸਰਵਣ ਕੀਤੀ । ਇਸ ਮੌਕੇ ਬਾਬਾ ਮੱਖਣ ਸਿੰਘ ਕਾਰ ਸੇਵਾ ਵਾਲੇ ਅਤੇ ਕੀਰਤਨੀ ਜਥੇ ਭਾਈ ਧਰਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਧੰਗੇੜਾ ਵਾਲਿਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ਼ਹੀਦ ਗੁਰਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵੱਲੋਂ ਧਰਮ ਦੀ ਰਾਖੀ ਅਤੇ ਮਨੁੱਖੀ ਅਧਿਕਾਰਾਂ ਦੀ ਸਰਬ ਉਚ ਕੁਰਬਾਨੀ ਬਾਰੇ ਵਿਚਾਰ ਸਾਂਝੇ ਕੀਤੇ ।
ਸਾਨੂੰ ਸਭਨਾ ਨੂੰ ਗੁਰੂ ਸਾਹਿਬ ਦੇ ਮਹਾਨ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ : ਵਿਧਾਇਕ ਗੁਰਦੇਵ ਸਿੰਘ ਦੇਵ ਮਾਨ
ਸਮਾਗਮ ਦੌਰਾਨ ਪਿੰਡ ਧੰਗੇੜਾ ਵਿਖੇ ਕੀਰਤਨ ਦਰਬਾਰ ਵਿਖੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਸਾਨੂੰ ਸਭਨਾ ਨੂੰ ਗੁਰੂ ਸਾਹਿਬ ਦੇ ਮਹਾਨ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ, ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਕਿਸੇ ਇੱਕ ਧਰਮ ਜਾਂ ਫਿਰਕੇ ਲਈ ਨਹੀਂ ਸੀ ਬਲਕਿ ਪੂਰੀ ਮਨੁੱਖਤਾ ਲਈ ਸੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਸ਼ਰਧਾ ਤੇ ਸਤਿਕਾਰ ਸਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਉਤੇ ਮਨਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼ਾਮ ਨੂੰ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਅਤੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਚੱਲਣ ਵਾਲੀ ਧਾਰਮਿਕ ਯਾਤਰਾ ਦੇ ਰੂਪ ਵਿੱਚ 21 ਨਵੰਬਰ ਨੂੰ ਪਟਿਆਲਾ ਵਿਖੇ ਨਗਰ ਕੀਰਤਨ ਪਹੁੰਚ ਰਿਹਾ ਹੈ, ਜਿਸ ਲਈ ਸਮੂਹ ਸੰਗਤ ਨੂੰ ਹੁੰਮ-ਹੁੰਮਾ ਕੇ ਸ਼ਾਮਲ ਹੋਣਾ ਚਾਹੀਦਾ ਹੈ ।
ਕੀਰਤਨ ਦਰਬਾਰ ਦੌਰਾਨ ਵੱਖ-ਵੱਖ ਕੀਰਤਨੀ ਜਥਿਆ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਬਾਣੀ ਸਿਮਰਨ ਕੀਤਾ
ਇਸੇ ਦੌਰਾਨ ਉਪ ਮੰਡਲ ਮੈਜਿਸਟਰੇਟ ਨਾਭਾ ਡਾ. ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਕੀਰਤਨ ਦਰਬਾਰ ਦੌਰਾਨ ਵੱਖ-ਵੱਖ ਕੀਰਤਨੀ ਜਥਿਆ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਬਾਣੀ ਸਿਮਰਨ ਕੀਤਾ । ਸਮਾਗਮ ਵਿੱਚ ਸਿਹਤ ਮੰਤਰੀ ਡਾ ਬਲਵੀਰ ਸਿੰਘ ਵੱਲੋਂ ਰਾਹੁਲ ਸੈਣੀ, ਐਸ. ਜੀ. ਪੀ. ਸੀ. ਮੈਂਬਰ ਸਤਵਿੰਦਰ ਸਿੰਘ ਟੌਹੜਾ, ਸਰਪੰਚ ਜਗਦੀਪ ਸਿੰਘ ਧੰਗੇੜਾ ਬਲਾਕ ਪ੍ਰਧਾਨ ਪਟਿਆਲਾ ਦਿਹਾਤੀ, ਬੀਡੀਪੀਓ ਮਨਦੀਪ ਸਿੰਘ, ਪੰਚਾਇਤ ਮੈਂਬਰ ਹਰਵਿੰਦਰ ਸਿੰਘ, ਕੁਲਦੀਪ ਸਿੰਘ, ਸ਼ਾਮ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਪੇਧਨੀ, ਹਰਮੇਲ ਸਿੰਘ,ਅਮਰੀਕ ਸਿੰਘ, ਸੁਰਜੀਤ ਸਿੰਘ ਐਸਡੀਓ ਘਮਰੋਦਾ, ਧਰਮਿੰਦਰ ਨੰਬਰਦਾਰ, ਕਰਤਾਰ ਸਿੰਘ ਸਾਬਕਾ ਸਰਪੰਚ, ਗੌਰਵ ਆਲੋਵਾਲ ਤੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ, ਸਮੂਹ ਇਲਾਕੇ ਦੇ ਸਰਪੰਚ, ਪੰਚ ਅਤੇ ਨੰਬਰਦਾਰ ਵੀ ਹਾਜ਼ਰ ਸਨ ।
ਪ੍ਰਬੰਧਕਾਂ ਦੀ ਤਰਫੋਂ ਵਿਧਾਇਕ ਦੇਵ ਮਾਨ ਸਮੇਤ ਪ੍ਰਸ਼ਾਸਨਿਕ ਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ
ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਨ੍ਹੀਂ ਦਿਨੀ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਬਾਰੇ ਸ਼ਰਧਾਲੂਆਂ ਨੂੰ ਜਾਣੂ ਕਰਵਾਉਣ ਲਈ ਵੱਖ-ਵੱਖ ਸਬ ਡਵੀਜ਼ਨਾਂ ਵਿੱਚ ਸਥਿਤ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਉਤੇ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ, ਜਿਸ ਤਹਿਤ ਇਹ ਕੀਰਤਨ ਸਮਾਗਮ ਕਰਵਾਇਆ ਗਿਆ ਹੈ । ਪ੍ਰਬੰਧਕਾਂ ਦੀ ਤਰਫੋਂ ਵਿਧਾਇਕ ਦੇਵ ਮਾਨ ਸਮੇਤ ਪ੍ਰਸ਼ਾਸਨਿਕ ਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਗੁਰੂ ਕਾ ਲੰਗਰ ਵੀ ਅਤੁਟ ਵਰਤਾਇਆ ਗਿਆ ।
Read More : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
